ਖ਼ਾਲਸਾ ਜੀ ਦਾ ਗੁਰਮਤਿ ਆਦਰਸ਼

ਕੁਝ ਸ਼ਬਦ |

ਦੇਸ਼ ਦੀ ਵੰਡ ਸਮੇਂ ਪਾਕਿਸਤਾਨੀ ਜਰਵਾਣਿਆਂ ਨੇ ਬੜੇ ਜ਼ੁਲਮ ਢਾਹੇ। ਓਦੋਂ ਖਾਲਸਾ ਜੀ ਨੇ ਉਨ੍ਹਾਂ ਪਾਕਸਤਾਨੀ ਜਰਵਾਣਿਆਂ ਨੂੰ ਸੋਧਣ ਲਈ “ਸ਼ਹੀਦੀ ਦਲ” ਕਾਇਮ ਕੀਤਾ। ਲੁਧਿਆਣੇ ਜ਼ਿਲੇ ਦੇ ਸ਼ਹੀਦੀ ਦਲ ਦੇ ਪ੍ਰਧਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਥਾਪੇ ਗਏ। ੧੯੪੮ ਦੀ ਵੈਸਾਖੀ ਤੇ ਭਾਈ ਸਾਹਿਬ ਜੀ ਨੇ ਪੰਥ “ਖਾਲਸਾ ਜੀ ਦਾ ਗੁਰਮਤਿ ਆਦਰਸ਼” ਨਾਮੀ ਟ੍ਰੈਕਟ ਰਾਹੀਂ ਇਕ ਸੰਦੇਸ਼ ਦਿਤਾ ਕਿ:

ਦੁਸ਼ਟ ਜਿਤੇ ਉਠਵਤ ਉਤਪਾਤਾ॥ ਸਕਲ ਮਲੇਛ ਕਰੋ ਰਣ ਘਾਤਾ॥

ਦਸਮੇਸ਼ ਜੀ ਦੇ ਹੁਕਮ ਅਨੁਸਾਰ ਸਗਲ ਮਲੇਛ ਉਤਪਾਤੀਆਂ ਨੂੰ ਸੋਧਣਾ ਪ੍ਰਬੋਧਣਾ ਖਾਲਸਾ ਜੀ ਦਾ ਧੁਰੋਂ ਨਿਸ਼ਚਿਤ ਕੀਤਾ ਪਰਮ ਧਰਮ ਹੈ। ਪਰ ਨਾਲ ਹੀ ਇਸ ਗੱਲ ਦੀ ਵੀ ਕਰੜੀ ਤਾੜਨਾ ਹੈ ਕਿ ਅਬਲਾ ਇਸਤ੍ਰੀਆਂ ਤੇ ਬੱਚਿਆਂ ਤੇ ਹੱਥ ਉਠਾਉਣਾ, ਨਿਹੱਥਿਆਂ, ਗਰੀਬੀ, ਬੇਕਸੂਰਿਆਂ, ਮਾਸੂਮਾਂ ਦਾ ਕਤਲ ਕੋਈ ਬਹਾਦਰੀ ਨਹੀਂ, ਸਗੋਂ ਇਹ ਉਕਾ ਹੀ ਗੁਰਮਤਿ ਦੇ ਉਲਟ ਹੈ। ਇਸ ਦੇ ਨਾਲ ਹੀ ਸ਼ਹੀਦੀ ਫ਼ੌਜਾਂ ਵਲੋਂ ਉਨ੍ਹਾਂ ਗੰਦੇ ਅਨਸਰਾਂ ਨੂੰ, ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ, ਪਰਕਰਮਾਂ ਤੇ ਗੁਰਦਵਾਰਾ ਮੰਜੀ ਸਾਹਿਬ ਦੀ ਬੇਅਦਬੀ ਕਰਨ ਕਰਾਵਨ ਦੇ ਭਾਗੀ ਹਨ, ਤਾੜਨਾ ਕੀਤੀ ਹੋਈ ਹੈ ਕਿ ਇਹ ਕਾਰਾ ਕਰਨ ਕਰਾਵਨ ਵਾਲੇ ਖ਼ਾਲਸਾ ਪੰਥ ਦੇ ਦੋਖੀ ਤੇ ਗਦਾਰ ਹਨ। ਇਨ੍ਹਾਂ ਪੰਥ-ਦੋਖੀਆਂ ਦੀ ਸੋਧ-ਸੁਧਾਈ ਕਰਨੀ ਖਾਲਸੇ ਦਾ ਅਵਲ-ਤਰੀਨ ਫ਼ਰਜ਼ ਹੈ। ਅਜਿਹੇ ਗੰਦੇ ਅਨਸਰ ਹਰ ਸਮੇਂ ਰਹੇ ਹਨ। ਇਸ ਲਈ ੧੯੪੮ ਵਿਚ ਦਿੱਤਾ ਸੰਦੇਸ਼ ਵੀ ਸਰਬ-ਕਾਲੀ ਹੈ। ਇਸ ਟ੍ਰੈਕਟ ਦੀ ਸੇਧ ਖਾਲਸਾ ਪੰਥ ਨੂੰ ਸਦਾ ਮਿਲਦੀ ਰਹੀ ਹੈ। ਖਾਲਸਾ ਜੀ ਦਾ ਮੁਢਲਾ ਫ਼ਰਜ਼ ਹੈ ਕਿ ਉਹ ਸ੍ਰੀ ਅਕਾਲ ਪੁਰਖ ਦੀ ਪ੍ਰਤੀਨਿਧ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛਤਰ ਛਾਇਆ ਹੇਠ ਇਕ-ਮੁਠ ਹੋ ਕੇ, ਖਾਲਸਈ ਰਵਾਇਤਾਂ ਨੂੰ ਕਾਇਮ ਰੱਖਣ ਲਈ, ਆਪਣਾ ਆਪ ਤਿਆਗ ਕੇ, ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਲੇਖੇ ਲਾ ਦੇਵੇ। ਗਿਆਨੀ ਨਾਹਰ ਸਿੰਘ ਜੀ ਤੇ ਗਿਆਨੀ ਹਰਭਜਨ ਸਿੰਘ ਜੀ ਦੇ ਨਿਕਟ ਵਿਚਰਦੇ ਰਹੇ ਹਨ ਭਾਈ ਲਾਲ ਸਿੰਘ ਜੀ। ਇਨ੍ਹਾਂ ਤੋਂ ਸਾਨੂੰ ਕੁਝ ਦੁਰਲਭ ਟੈਕਟ ਪ੍ਰਾਪਤ ਹੋਏ ਹਨ ਉਨ੍ਹਾਂ ਟੈਕਟਾਂ ਵਿਚ ਹੀ ਭਾਈ ਸਾਹਿਬ ਰਣਧੀਰ ਸਿੰਘ ਜੀ ਲਿਖਤ ਇਹ ਟੈਕਟ ਵੀ ਮਿਲਿਆ ਹੈ। ਭਾਈ ਸਾਹਿਬ ਦੀ ਇਸ ਨਿਧੜਕ ਤੇ ਅਮੋਲਕ ਲੇਖਣੀ ਨੂੰ ਸੁਰੱਖਿਅਤ ਕਰਨ ਲਈ ਇਹ ਟੈਕਟ ਹੁਣ ਦੁਬਾਰਾ ਛਾਪ ਕੇ ਸੰਗਤਾਂ ਦੇ ਪੇਸ਼ ਕੀਤਾ ਜਾ ਰਿਹਾ ਹੈ।

ਅੱਜ ਪੰਥ ਦੀ ਨਈਆ ਮੰਝਧਾਰ ਵਿਚ ਫਸੀ ਪਈ ਹੈ। ਇਹ ਕੁਝ ਮੁਹਾਣਿਆਂ ਦੀ ਗਫਲਤ ਅਥਵਾ ਅਣਗਹਿਲੀ ਕਾਰਨ ਵਾਪਰਿਆ ਹੈ। ਵਧੇਰੇ ਚਿੰਤਾ ਦੀ ਗੱਲ ਇਹ ਹੈ ਕਿ ਹੁਣ ਮੁਹਾਣੇ ਆਪਸ ਵਿਚ ਉਲਝੇ ਪਏ ਹਨ ਸੰਗਤਾਂ ਦਾ ਇਹ ਵੀ ਫ਼ਰਜ਼ ਹੈ ਕਿ ਉਹ ਇਨ੍ਹਾਂ ਮੁਹਾਣਿਆਂ ਨੂੰ ਵੀ ਸੁਮੱਤ ਦੇਣ ਅਤੇ ਬੇੜੇ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਜੁੜਨ, ਤਾਂ ਜੁ ਇਹ ਬੇੜਾ ਬੰਨੇ ਲਗੇ।

– ਸੂਰਾ ਪਰਿਵਾਰ

ਖ਼ਾਲਸਾ ਜੀ ਦਾ ਗੁਰਮਤਿ ਆਦਰਸ਼

ੴ ਵਾਹਿਗੁਰੂ ਜੀ ਕੀ ਫਤਿਹ ॥

ਦੁਸ਼ਟ ਜਿਤੇ ਉਠਵਤ ਉਤਪਾਤਾ॥ ਸਕਲ ਮਲੇਸ਼ ਕਰੋ ਰਣ ਘਾਤਾ॥

ਦੁਸ਼ਟ ਦਮਨੇਸ਼ ਸ੍ਰੀ ਗੁਰੂ ਦਸਮੇਸ਼ ਜੀ ਦੀ ਧਰਮ ਧੁਰੰਦਰੀ ਉਦੇਸ਼ ਸੱਚ ਉਪਕਾਰ ਆਦਰਸ਼ੀ ਉਪਦੇਸ਼ ਇਹ ਹੈ ਜੋ ਉਪਰ ਅੰਕਤ ਦੁਪੰਗਤੀ ਵਿਚ ਖ਼ਾਲਸਾ ਪੰਥ ਪ੍ਰਤੀ ਪ੍ਰਤਿਪਾਦਨ ਹੋਇਆ ਹੈ, ਉਸ ਸ੍ਰੀ ਕਲਗੇਸ਼ ਪਿਤਾ ਜੀ ਵਲੋਂ, ਜਿਨ੍ਹਾਂ ਦਾ ਮੁੱਖ ਪ੍ਰਯੋਜਨ ਜਗ ਜਨਮ-ਯਾਤ੍ਰਾ ਦੇ ਕੇਵਲ ਇਹ ਸੀ:

ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸ਼ਟ ਦੋਖੀਅਨ ਪਕਰਿ ਪਛਾਰੋ॥੪੨॥ ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸ਼ਟ ਸਭਨ ਕੋ ਮੂਲ ਉਪਾਰਨ॥੪੩॥ (ਬਚਿਤ ਨਾਟਕ, ਅਧਿ: ੬ )

ਇਸ ਉਪਰਲੇ ਆਦਰਸ਼ ਨੂੰ ਹੀ ਅਮਲੀ ਜਾਮਾ ਪਹਿਨਾਉਣ ਲਈ ਅਜ਼ਲੀ ਅਬਦੀ ਇਰਫ਼ਾਨ ਦੇ ਸਿਆਸਤਦਾਨ ਸੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲੀ ਪੰਥ ਖਾਲਸਾ ਸਾਜਿਆ। ਸਾਜ ਕੇ ਅਧਿਆਤਮਕ ਸੂਰਬੀਰਤਾ ਵਿਚ ਨਿਪੁੰਨ ਕੀਤਾ। ਪ੍ਰਮਾਰਥਕ ਕਲਾ ਜਲਾਲਨੀ ਜਾਗਤ ਜੋਤਿ ਜਗਾ ਕੇ, ਨਿਖਾਲਸ (ਨਿਰੋਲ ਖਾਲਸ) ਖਾਲਸਾ ਜੀ ਨੂੰ ਧਰਮ ਹੇਤ, ਪਰਉਪਕਾਰ ਹੇਤ ਮਰ ਮਿਟਣ ਵਾਲੇ ਅਤੇ ਧਰਮ-ਯੁਧ ਵਿਚ ਜ਼ਾਲਮਾਂ ਅਧਰਮੀਆਂ ਨੂੰ ਸੋਧ ਸਾਧ ਕੇ ਮਲੀਆਮੇਟ ਕਰਨਹਾਰੇ ਨਿਰਭੈ ਯੋਧਿਆਂ ਦੀ ਸੱਚੀ ਸਪਿਰਿਟ ਬਖ਼ਸ਼ੀ। ਇਸ ਸਪਿਰਿਟ ਸੇਤੀ ਸਰਸ਼ਾਰ ਹੋਏ ਖਾਲਸਾ ਜੀ ਦੀਆਂ ਅਕਾਲੀ ਫੌਜਾਂ ਨੇ ਉਹ ਕਾਰਨਾਮੇ ਕਰ ਕੇ ਦਿਖਾਏ ਹਨ ਕਿ ਦੁਨੀਆਂ ਦੰਗ ਰਹਿ ਗਈ ਹੈ। ਇਸ ਸਪਿਰਿਟ ਨਾਲ ਸੰਪੂਰਨ ਹੋਏ ਖਾਲਸਾ ਜੀ ਨੂੰ ਸਿਵਾਏ ਗੁਰੂ ਅਕਾਲ ਪੁਰਖ ਦੇ ਹੋਰ ਕਿਸੇ ਦੀ ਓਟ ਤਕਣ ਦੀ ਕਜ਼ਬ ਖ਼ਿਆਲਨੀ ਹੀ ਨਹੀਂ ਉਪਜੀ। ਸਦਾ ਚੜ੍ਹਦੀਆਂ ਕਲਾਂ ਵਾਲਾ ਔਜ ਖਾਲਸਾ ਜੀ ਦਾ ਇਕੋ ਇਕ ਧਰੁਵਾ ਇਸ ਕਰਕੇ ਕਿਹਾ ਹੈ ਕਿ ਖਾਲਸਾ ਪੰਥ ਕਦੇ ਕਿਸੇ ਦਾ ਮੁਥਾਜ ਨਹੀਂ ਰਿਹਾ। ਬੇਪਰਵਾਹ ਹੋ ਕੇ ਤੇਜ ਕਰਾਰੇ ਵਿਚ ਨਿਆਰਾ ਹੋ ਕੇ ਗੂੰਜਦਾ ਗੁਰਜਦਾ ਰਿਹਾ। ਕਪਟ ਪੰਥੀਆਂ ਦੀ ਕਨੌਡ ਵਿਚ ਕਦੀ ਨਹੀਂ ਆਇਆ। ਕਦੇ ਕਿਸੇ ਦੀ ਈਨ ਨਹੀਂ ਮੰਨੀ। ਕਦੇ ਕਿਸੇ ਦੀ ਮਸਲਤ ਮੁਸਾਹਬੀ ਦੀ ਝੇਪ ਵਿਚ ਨਹੀਂ ਆਇਆ। ਕਦੇ ਕਾਂਪ ਨਹੀਂ ਖਾਧੀ। ਕਦੇ ਕਾਇਰਤਾ ਵਾਲੀ ਸ਼ਾਂਤ ਬਿਰਤ ਨਹੀਂ ਸਾਧੀ। ਦੁਨੀਆਂ ਵਾਲੇ ਸਰਬ ਸਿਆਸਤਦਾਨਾਂ ਤੋਂ ਸ੍ਰੇਸ਼ਟ ਅਤੇ ਉਚਾ ਮਤਾ ਖਾਲਸਾ ਜੀ ਦਾ ਰਿਹਾ ਹੈ।


“ਏਕ ਬਿਨਾ ਮਨ ਨੈਕ ਨ ਆਨੈਂ” ਵਾਲੀ ਟੇਕ ਨੇ ਸਦਾ ਹੀ ਖ਼ਾਲਸਾ ਜੀ ਨੂੰ ਸਰਫ਼੍ਰਾਜ਼ ਅਤੇ ਸਰਬੁਲੰਦ ਰਖਿਆ ਹੈ। ਗੁਰੂ ਕਾ ਖਾਲਸਾ ਅਨਮਤੀਆਂ ਦੇ ਮਿਲਗੋਭਾਪਨ ਤੋਂ ਸਦਾ ਨਿਰਲੇਪ ਰਿਹਾ ਹੈ। ਤਦੇ ਗੁਰੂ ਸਚਾ ਪਾਤਸ਼ਾਹ ਖਾਲਸਾ ਜੀ ਦਾ ਹਰਬਾਬ ਸਹਾਈ ਰਹਿਆ ਹੈ। ਗੁਰੂ ਦਸਮੇਸ਼ ਪਿਤਾ ਦੇ ਫੁਰਮਾਨ ਉਤੇ ਖਾਲਸ ਜੀ ਦੀ ਦ੍ਰਿੜ ਅਤੇ ਪੱਕੀ ਪਰਤੀਤ ਰਹੀ ਹੈ।

ਜਬ ਲਗ ਖ਼ਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਓ ਮੈਂ ਸਾਰਾ॥

ਜਬ ਇਹ ਗਹੈ ਬਿਪਰਨ ਕੀ ਰੀਤ ਮੈਂ ਨਾ ਕਰਉ ਇਨ ਕੀ ਪ੍ਰਤੀਤ॥

ਖ਼ਾਲਸਈ ਪ੍ਰਤੀਤ ਉਤੇ ਸਤਿਗੁਰੂ ਦੀ ਪਤੀਤ ਛਤਰ ਛਾਇਆ ਹੋ ਕੇ ਨਦਰ ਕਰੰਮੀ ਮੇਹਰਾਂ ਵਰਸਾਉਂਦੀ ਹੈ। ਇਹ ਬਿਪ੍ਰੀਤੀ ਬੇਪ੍ਰਤੀਤੀ ਹੋ ਬੀਤੀ ਸੋ ਬੀਤੀ। ਅਗੇ ਨੂੰ ਹੀ ਚੌਕਸਤਾ, ਸਾਵਧਾਨਤਾ ਰਹੇ ਤਾਂ ਭੀ ਖ਼ਾਲਸੇ ਦੇ ਪੌਂ ਬਾਰਾਂ ਹਨ। ਅਸੀਂ ਸਗਲੀ ਠੌਕ ਵਜਾ ਡਿਠੀ। ਕੜੀ ਕਾਂਗ੍ਰਸ ਅਤੇ ਨਵੀਂ ਬਣੀ ਗੜੀ ਗਵਰਨਮੈਂਟ ਅਸਾਡੇ ਕਿਸੇ ਕੰਮ ਨਹੀਂ ਆਉਣੀ। ਜੋ ਕੁਝ ਕਰਨਾ ਹੈ, ਸੋ ਖਾਲਸਾ ਜੀ ਨੇ ਆਪਣੇ ਬਾਹੂਬਲ ਦੇ ਜ਼ੋਰ ਤੇ ਹੀ ਕਰਨਾ ਹੈ। ਅਤੇ ਗੁਰੂ ਅਕਾਲ ਪੁਰਖ ਦੇ ਆਸਰੇ ਪਰਨੇ ਹੋ ਕੇ ਹੀ ਕਰਨਾ ਹੈ। ਪਿਛਲੇ ਧੋਣੇ ਸਭ ਧੋ ਦੇਣੇ ਹਨ।

ਦੇਸ ਵੰਡੀਆਂ ਦੀ ਕੂੜਾਵੀ ਲਾਲਸਾ ਤਿਆਗ ਕੇ, ਮੁਲਕਗੀਰੀ ਦੀ ਮਰਦੂਦ ਤ੍ਰਿਸ਼ਨਾ ਛਡ ਕੇ ਇਕ ਖਾਲਸਈ ਮੇਅਰਾਜ ਔਜੀ ਆਦਰਸ਼ ਨੂੰ ਮੁਖ ਰਖਣਾ ਹੈ। ਦੁਸ਼ਟ ਉਤਪਾਤੀਆਂ ਨੂੰ ਦੰਡ ਦੇਣਾ ਹੈ, ਸਗਲ ਮਲੇਛ ਜ਼ਾਲਮਾਂ ਨੂੰ ਰਣਘਾਤ ਕਰਨਾ ਹੈ, ਪੂਰਨ ਜੋਤਿ ਜਗੰਨੇ ਸੂਰਬੀਰ ਖਾਲਸੇ ਬਣ ਕੇ, ਆਪਣੀਆਂ ਰਗਾਂ ਅੰਦਰ ਪੂਰਨ ਸੂਰਬੀਰਤਾ ਦਾ ਖੂਨ ਮੁੜ ਸੁਰਜੀਤ ਕਰ ਕੇ। ਬਸ ਇਕ ਖਾਲਸਈ ਸਪਿਰਟ ਅਸਾਡੇ ਅੰਦਰ ਸੁਰਜੀਤ ਹੋਵੇ, ਫੇਰ ਅਸੀਂ ਕਿਸ ਦੇ ਲੈਣੇ ਦੇ ਹਾਂ? ਸਾਰੀ ਏਹੜ ਤੇਹੜ ਛਡ ਕੇ, ਸਾਰੀਆਂ ਕਮਜ਼ੋਰੀ ਭਰੀਆਂ ਸਿਆਣਪਾਂ ਨੂੰ ਸਾੜ ਕੇ ਮੈਦਾਨੀ ਜੂਝਣ ਦਾ ਇਕੋ ਇੱਕ ਅੰਦੀਆ ਹਿਰਦੇ ਅੰਦਰ ਧਾਰ ਕੇ ਗਗਨ ਦਮਾਮਾ ਬਜਾ ਦੇਈਏ। ਇਕ ਦੰਮ ਇਕੱਠੇ ਹੋ ਕੇ ਵਜਾ ਦੇਈਏ। ਫਤਿਹ ਦਾ ਸੇਹਰਾ ਅਸਾਡੇ ਤੁਸਾਡੇ ਸੀਸ ਤੇ ਝੂਲੇਗਾ। ਦਾਉ ਜੂਝਣ ਦਾ ਖੁੰਝਦਾ ਜਾਂਦਾ ਹੈ। ਬਥੇਰਾ ਖੁੰਝ ਚੁੱਕਿਆ। ਬਸ ਹੋਰ ਖੁੰਝਣ ਨਾ ਦੇਵੀਏ।

ਗਨੀਮ ਸਿਰ ਤੇ ਚੜਿਆ ਆ ਰਿਹਾ ਹੈ। ਗੀਦੀਆਂ ਨੂੰ ਕੋਈ ਗੁਮੇਹ ਹੀ ਨਹੀਂ। ਜਿਨਾਹੀ ਜਨੂੰਨੀ, ਮਿਸਟਰ ਜਿਨਾਹ ਦੇ ਗੁਮਰਾਹ ਕੀਤੇ ਹੋਏ ਅਤੇ ਵਹਿਸ਼ੀਆਨਾ ਜੁਲਮ ਅਤੇ ਦਰਿੰਦਿਆਂ ਵਾਲੀ ਦੁਸ਼ਟਤਾ ਨਾਲ ਭਰੇ ਹੋਏ ਅਗਾਹਾਂ ਵਧੇ ਚਲੇ ਆ ਰਹੇ ਹਨ। ਉਹਨਾਂ ਨੇ ਇਕ ਪ੍ਰਕਾਰ ਵਾਰ (war) ਹੀ ਡੀਕਲੇਅਰ (declare) ਕਰ ਦਿੱਤੀ ਹੈ। ਪਰ ਅਸਾਡੇ ਹਿੰਦੁਸਤਾਨੀ ਗਵਰਨਮੈਂਟ ਦੇ ਨਵੀਨ ਨੇਤਾ ਨਿਸਲ ਹੋਏ ਬੈਠੇ ਨਿਪੁੰਸਕਤਾ ਦੇ ਦੇਵਤਾ ਦੀ ਅਰਾਧਨਾ ਕਰ ਰਹੇ ਹਨ। ਏਹਨਾਂ ਹਿੰਦੁਸਤਾਨੀ ਨੇਤਾਵਾਂ ਦੀ ਨਿਪੁੰਸਕਤਾ ਨੂੰ ਦੇਖ ਕੇ ਇਹ ਪਾਕਿਸਤਾਨੀ ਸ਼ੈਤਾਨ ਸਗੋਂ ਹੋਰ ਭੂਸਰ ਗਏ ਹਨ। ਇਹ ਤਾਂ ਆਪਣੇ ਭਾਣੇ ਏਹਨਾਂ ਨਾਪਾਕਿਸਤਾਨੀਆਂ ਨਾਲ ਅਹਿਦ ਪੈਮਾਨੀ ਗਠਜੋੜ ਕਰੀ ਬੈਠੇ ਹਨ। ਅਤੇ ਏਸੇ ਕੂੜੇ ਭਰਵਾਸੇ ਅਵੇਸਲੇ ਹੋ ਰਹੇ ਹਨ। ਓਧਰ ਉਹ ਨਾਪਾਕ ਅਹਿਦ-ਪੈਮਾਨੀਏ ਦਬਾ ਦਬ ਤਿਆਰੀਆਂ ਕਰ ਰਹੇ ਹਨ। ੨ ਸਤੰਬਰ ਨੂੰ ਅਮਨ ਅਮਾਨ ਰਖਣ ਦੇ ਪ੍ਰਸਪਰ ਅਹਿਦੋ ਪੈਮਾਨ ਹੋਏ ਹਨ। ਅਤੇ ੩ ਸਤੰਬਰ ਨੂੰ ਹੀ , ਏਹਨਾਂ ਪੈਮਾਨ-ਸ਼ਿਕਨੀ ਨਾਪਾਕ ਪਾਕਿਸਤਾਨੀ ਸ਼ੈਤਾਨਾਂ ਨੇ ਬਾਊਂਡਰੀ ਕਮਿਸ਼ਨ ਦੀ ਨੀਯਤ ਕੀਤੀ ਫ਼ੈਸਲਾ-ਕੁਨ ਬਾਊਂਡਰੀ ਨੂੰ ਉਲੰਘ ਕੇ ਅਤੇ ਅਗਾਹਾਂ ਵਧ ਕੇ ਹਿੰਦੁਸਤਾਨੀ ਗਵਰਨਮੈਂਟ ਦੀ ਵੰਡ ਵਿਚ ਆਏ ਡੇਢ ਸੋ (੧੫੦) ਪਿੰਡਾਂ ਤੇ ਧਾਵਾ ਬੋਲ ਕੇ ਕਬਜ਼ਾ ਕਰ ਲਿਆ ਹੈ। ਏਹ ਧਾਵੇ ਫ਼ੌਜੀ ਧਾਵੇ ਹਨ। ਮਿਲਿਟਰੀ ਫ਼ੌਜਾਂ ਦੀ ਜੰਗਜੂਅਤ ਨਾਲ ਨਿਹੱਥੇ ਪਿੰਡਾਂ ਤੇ ਕਬਜ਼ੇ ਜਮਾ ਲਏ ਹਨ। ਏਹ ਪਾਕਿਸਤਾਨੀ ਕਾਰੇ ਪਰਗਟ ਪਾਹਾਰੇ ਹਨ। ਪਰ ਹਿੰਦੁਸਤਾਨੀ ਗਵਰਨਮੈਂਟ ਦੀ ਗੈਰਤ ਦੇ ਖੂਨ ਨੂੰ ਜ਼ਰਾ ਭੀ ਜੋਸ਼ ਨਹੀਂ ਆਇਆ। ਜੁੰਬਸ਼ ਹੀ ਨਹੀਂ ਹੋਈ। ਹੱਥ ਤੇ ਹੱਥ ਧਰੀ ਬੈਠੇ ਹਨ ਪਰ ਇਹਨਾਂ ਨੂੰ ਕੀ ਪਈ । ਇਨ੍ਹਾਂ ਦੀ ਜਾਣੇ ਬਲਾ। ਏਹ ਆਫਤ ਤਾਂ ਬਿਚਾਰੇ ਪੰਜਾਬੀਆਂ ਤੇ ਆਈ ਹੈ। ਖ਼ਾਸ ਕਰਕੇ ਸਿੱਖਾਂ ਤੇ ਹੀ ਇਹ ਸ਼ਾਮਤ ਨਾਜ਼ਲ ਹੋਈ ਹੈ। ਪਰ ਹਿੰਦੁਸਤਾਨੀ ਗਵਰਨਮੈਂਟੀਆਂ ਨੂੰ ਯਾਦ ਰਹੇ ਕਿ ਉਹ ਦਿਨ ਦੂਰ ਨਹੀਂ ਕਿ ਜੇਕਰ ਏਸ ਜ਼ਲਮੀ ਗਨੀਮ ਦਾ ਹੜ੍ਹ ਏਥੇ ਨਾ ਰੋਕਿਆ ਗਿਆ ਅਤੇ ਅਗਾਂਹ ਵਧਣ ਦਿੱਤਾ ਗਿਆ ਤਾਂ ਸਾਰੇ ਹਿੰਦੁਸਤਾਨੀ ਅਤੇ ਸਮੁਚੀ ਹਿੰਦੁਸਤਾਨ ਗਵਰਨਮੈਂਟ ਇਕ ਫੋਰੇ ਵਿਚ ਰੁੜਾ ਲੈ ਜਾਵੇਗਾ ਅਤੇ ਸਾਰੇ ਹਿੰਦੁਸਤਾਨ ਤੇ ਪਾਕਿਸਤਾਨੀ ਝੰਡਾ ਝੁਲ ਜਾਵੇਗਾ। ਏਹਨਾਂ ਭੂਸਰੇ ਹੋਏ ਪਾਕਿਸਤਾਨੀਆਂ ਦਾ ਚਿਰੋਕਣਾ ਇਹੋ ਅੰਦੋਲਨ ਹੈ ਕਿ ਸਾਰੇ ਹਿੰਦੁਸਤਾਨ ਤੇ ਕਬਜ਼ਾ ਕਰ ਕੇ ਦਿੱਲੀ ਨੂੰ ਆਪਣਾ ਦਾਰੁਲ-ਸਲਤਨਤ (ਰਾਜਧਾਨੀ) ਬਨਾਉਣਾ ਹੈ। ਕਾਂਗ੍ਰਸ ਨੇ ਏਹਨਾਂ ਨੂੰ ਪਾਕਿਸਤਾਨੀ ਵੰਡ ਵਿੱਚ ਅਧਿਓਂ ਬਾਹਲਾ ਪੰਜਾਬ ਦੇ ਕੇ ਏਹਨਾਂ ਦੇ ਹਿੰਦੁਸਤਾਨ ਤੇ ਕਬਜ਼ਾ ਕਰਨ ਦੇ ਹੌਸਲੇ ਹੋਰ ਭੀ ਵਧਾ ਦਿੱਤੇ ਹਨ। ਹੁਣੇ ਹੀ ‘ਸਟੇਟਸਮੈਨ’ ਅਖ਼ਬਾਰ ਵਿਚ ਜਿਨਾਹ ਦਾ ਸੱਜਰਾ ਬਿਆਨ ਛਪਿਆ ਹੈ, ਜਿਸ ਵਿਚ ਉਸ ਨੇ ਦੋ ਲੱਖ ਪਠਾਣਾਂ ਅਤੇ ਪੰਜਾਹ ਹਜ਼ਾਰ ਪਾਕਿਸਤਾਨੀ ਮੁਸਲਮਾਨਾਂ ਦੀ ਨਵੀਂ ਫ਼ੌਜ ਦੀ ਭਰਤੀ ਦਾ ਖੁਲ੍ਹਮ-ਖੁਲ੍ਹਾ ਡੰਕਾ ਬਜਾ ਦਿੱਤਾ ਹੈ। ਹਥਿਆਰ ਅਤੇ ਐਮੀਊਨੀਸ਼ਨ (arms and ammunition) ਤਿਆਰ ਕਰਨ ਲਈ ਕਾਂਗ੍ਰਸੀ ਕੋਤਾਹ -ਅੰਦੇਸ਼ ਸਿਆਸਤਦਾਨਾਂ ਨੇ ਤਮਾਮ ਮੁਲਕ ਭਰ ਦੇ ਸਾਂਝੇ ਰੀਜ਼ਰਵ ਬੈਂਕ ਵਿਚੋਂ ਤਰਾ ਤਰੀ ਮਾਇਆ ਦੇ ਗਫੇ ਵਰਤਣ ਲਈ ਖੁਲ੍ਹ ਦੇ ਦਿਤੀ ਹੈ। ‘ਸਟੇਟਸਮੈਨ’ ਅਖ਼ਬਾਰ ਦੀ ਸੱਜਰੀ ਖ਼ਬਰ ਦੱਸਦੀ ਹੈ ਕਿ ਬੀਸ ਕ੍ਰੋੜ (੨੦, 00, 00, 000) ਰੁਪਿਆ ਇਸ ਪਾਕਿਸਤਾਨੀ ਗਵਰਨਮੈਂਟ ਨੇ ਰੀਜ਼ਰਵ ਬੈਂਕ ਵਿਚੋਂ ਕਢਾ ਕੇ ਖਰਚਣਾ ਸ਼ੁਰੂ ਭੀ ਕਰ ਦਿੱਤਾ ਹੈ। ਕਾਹਦੇ ਲਈ ? ਆਰਮਜ਼ ਅਤੇ ਐਮੀਊਨੀਸ਼ਨ ਲਈ, ਪਰ ਸਾਡੀ ਹਿੰਦੁਸਤਾਨੀ ਗਵਰਨਮੈਂਟ ਅਜੇ ਭੀ ਘੂਕ ਸੁੱਤੀ ਪਈ ਹੈ। ਅਮਨ ਕਾਇਮ ਕਰਨ ਦੀਆਂ ਘਾੜਤਾਂ ਘੜ ਰਹੀ ਹੈ। ਮ੍ਰਿਗ-ਤ੍ਰਿਸ਼ਨਾ ਵਾਲੇ ਫੋਕੇ ਸੁਪਨੇ ਲੈ ਰਹੀ ਹੈ। ਦੇਖੋ ੪ ਅਤੇ ੫ ਸਤੰਬਰ ਦੇ ‘ਸਟੇਟਸਮੈਨ’ ਅਖ਼ਬਾਰ ਵਿਚੋਂ ਉਪਰ ਲਿਖੀਆਂ ਗੱਲਾਂ ਦੀ ਪ੍ਰੋੜਤਾ:

“Pakistan army, it is also learnt, may recruit about 50,000 ex-servicemen from the Punjab, and 2,00,000 from the North West Frontier in the near future. Some troops of the Pakistan army may be sent overseas for advanced training .” (The Statesman, September 4, Page 1, Column 4)

ਬੀਸ ਕੋੜ ਫੰਡ ਪ੍ਰਥਾਇ ਇਹ ਕੋਟੇਸ਼ਨ ਹੈ ਅਗਲਾ :

“The first official indication that the Reserve Bank of India is functioning as a joint bank of the two Dominions of India and Pakistan has made the first draw on the credit of Rs.20,00,00,000 granted to her Government” (The Statesman, dated 5th September)

ਇਹ ਸਭ ਕੁਝ ਬੀਸ ਕ੍ਰੋੜੀ ਫੰਡ ਜੋ ਰੀਜ਼ਰਵ ਬੈਂਕ ਵਿਚੋਂ ਪਾਕਿਸਤਾਨੀਆਂ ਨੇ ਵਸੂਲ ਕੀਤਾ ਹੈ, ਹਿੰਦੁਸਤਾਨ ਦੀਆਂ ਜੜਾਂ ਪੋਲੀਆਂ ਕਰਨ ਲਈ ਕੀਤਾ ਹੈ ਅਤੇ ਸਾਰੇ ਹਿੰਦੁਸਤਾਨ ਤੇ ਪਾਕਿਸਤਾਨੀ ਮੁਸਲਿਮ ਰਾਜ ਕਾਇਮ ਕਰਨ ਲਈ ਕੀਤਾ ਹੈ। ਜੇ (ਦਿੱਲੀ, ਸ਼ਿਮਲੇ, ਪਟਿਆਲੇ ਅਤੇ ਹੋਰ ਅਨੇਕ ਥਾਵਾਂ ਤੋਂ ਪਾਕਿਸਤਾਨੀ ਮੁਸਲਮਾਨਾਂ ਦੇ ਫ਼ੌਜੀ ਅਸਲਾ ਤੇ ਸਾਮਾਨ, ਏਹਨਾਂ ਚੀਜ਼ਾਂ ਦੇ ਬਨਾਉਣ ਦੇ ਕਾਰਖਾਨਿਆਂ ਅਤੇ ਮੁਨੱਜ਼ਮ ਤਰੀਕੇ ਨਾਲ ਮੁਸਲਮ ਹਿੰਦੁਸਤਾਨੀ ਪੁਲੀਸ ਤੇ ਖੋਜ ਦੀ ਮਦਦ ਨਾਲ ਕੀਤੇ ਹਿੰਦੁਸਤਾਨੀ ਫੌਜ ਨਾਲ ਟਾਕਰੇ ਦੇਖ ਕੇ) ਅਜੇ ਭੀ ਮੁਸਲਮਾਨਾਂ ਦੀ ਤੇ ਖ਼ਾਸ ਕਰ ਪਾਕਿਸਤਾਨੀਆਂ ਦੀ ਨੀਯਤ ਤੇ ਯਕੀਨ ਨਹੀਂ ਆਉਂਦਾ ਤਾਂ ਫੇਰ ਕੀ ਇਲਾਜ ਹੈ।

ਸਜਰੀ ਖ਼ਬਰ ਹੈ ਕਿ ਪਾਕਿਸਤਾਨੀ ਰੀਫ਼ੀਊਜੀ ਨੂੰ ਲੈਣ ਆਈ ਮਿਲਟਰੀ ਫ਼ੌਜ ਨੇ ਬਿਆਸ ਦੇ ਨਿਕਟ ਦੋ ਸੌ ਹਿੰਦੁਸਤਾਨੀ ਰੀਫ਼ੀਊਜੀ ਗੋਲੀਆਂ ਨਾਲ ਉੜਾ ਦਿਤੇ। ਦੇਖੋ ਕਿਥੇ ਤਾਈਂ ਏਹਨਾਂ ਦੇ ਹੋਸਲੇ ਵਧੇ ਹਨ, ਪਰ ਸਾਡੀ ਹਿੰਦੁਸਤਾਨੀ ਹਕੂਮਤ ਸੁਤੀ ਪਈ ਹੈ। ਇਸ ਨੂੰ ਓਦੋਂ ਹੀ ਪਤਾ ਲਗੂ ਜਦੋਂ ਪਾਕਿਸਤਾਨੀਆਂ ਨੇ ਅਗਾਂਹ ਵਧ ਕੇ ਅਤੇ ਧਾਵਾ ਕਰ ਕੇ ਦਿੱਲੀ ਦਾ ਤਖ਼ਤ ਏਹਨਾਂ ਤੋਂ ਖੋਹ ਲਿਆ।

ਇਹ ਸੱਚ ਜਾਣੋ ਕਿ ਏਹਨਾਂ ਜਰਵਾਣਿਆਂ ਦੇ ਅਗੇ ਅੜਨ ਵਾਲਾ ਜੇ ਹੈ ਤਾਂ ਅਕਾਲੀ ਖਾਲਸਾ ਹੀ ਹੈ। ਜਦ ਕਦ ਭੀ ਮੁਕਾਬਲਾ ਕਰਨਾ ਹੈ, ਤਾਂ ਅਕਾਲੀ ਫ਼ੌਜਾਂ ਦੇ ਸ਼ਹੀਦੀ ਦਲਾਂ ਨੇ ਹੀ ਕਰਨਾ ਹੈ। ਏਹਨਾਂ ਨੇ ਹੀ ਜ਼ਾਲਮਾਂ ਅਤਿਆਚਾਰੀਆਂ ਦੇ ਬੁਥਾੜ ਭੰਨਣੇ ਹਨ। ਅਤੇ ਜ਼ੁਲਮ ਦੇ ਰਾਜ ਦਾ ਫ਼ਾਤਿਹਾ ਪੜ੍ਹਨਾ ਤਾਂ ਖਾਲਸਾ ਜੀ ਨੇ ਹੀ ਪੜਨਾ ਹੈ। ਹੋਰ ਕਿਸੇ ਤੋਂ ਕੁਝ ਨਹੀਂ ਸਰਨਾ। ਸੋ ਹੁਣ ਵੇਲਾ ਹੈ। ਐ ਖਾਲਸਾ ਪੰਥ ਦੀ ਗੁਪਤ ਪ੍ਰਗਟ ਜ਼ਿੰਦਾ ਸ਼ਹੀਦੀ ਫੌਜੋ । ਹੁਣ ਜੂਝਣ ਦੀ ਅਉਧ ਆਇ ਨਿਧਾਨ ਬਨੀ ਹੈ। ਕਮਰਕਸੇ ਕਰਕੇ ਤਿਆਰ ਹੋ ਜਾਓ। ਸਨੱਧ-ਬੱਧ ਹੋ ਕੇ ਮਲੇਛਾਂ ਨੂੰ ਰਣ ਵਿਖੇ ਦਲਣ ਮਲਣ ਲਈ ਦਲਾਂ ਦੇ ਦਲ ਇਕੱਤ੍ਰ ਹੋ ਕੇ ਹੱਲਾ ਬੋਲ ਦਿਓ ਅਤੇ ਏਹਨਾਂ ਦੁਸ਼ਟਾਂ ਉਤਪਾਤੀਆਂ ਦਾ ਸਭ ਤੋਂ ਮੂਹਰਲਾ ਮੋਰਚਾ ਜਾਂ ਮਲੋ। ਲਾਹੌਰ ਰਾਵੀ ਤੋਂ ਪਿਛੇ ਪਛਾੜ ਕੇ ਏਹਨਾਂ ਨੂੰ ਧੁਰ ਏਹਨਾਂ ਦੇ ਪਾਕਿਸਤਾਨੀ ਦਰੇ ਤਾਈਂ ਦਬੱਲੀ ਚੱਲੋ।

ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ॥ (ਪੰਨਾ ੧੩੭੦)

ਗੁਰੂ ਅਕਾਲ ਦਾ ਆਸਰਾ ਲੈ ਕੇ ਰਣ ਵਿਚ ਜੂਝ ਪਵੋ। ਗੁਪਤ ਅਕਾਲੀ ਛਿਨਵੇਂ ਕਰੋੜ ਫ਼ੌਜਾਂ ਅਕਾਸ਼ ਤੋਂ ਬਰਕਤਾਂ ਦੇ ਤੀਰ ਵਰਸਾਉਣਗੀਆਂ। ਮਤ ਖ਼ਿਆਲ ਕਰੋ ਕਿ ਤੁਸਾਡੇ ਪਾਸ ਬੰਦੂਕਾਂ ਆਦਿਕ ਸ਼ਸਤਰ ਨਹੀਂ। ਮਤ ਸੋਚੋ ਕਿ ਮੁਕਾਬਲੇ ਵਾਲੇ ਨੀਮ ਪਾਸ ਮਸ਼ੀਨਗੰਨਾਂ ਤੋਪਾਂ ਤੇ ਹਵਾਈ ਜਹਾਜ਼ ਹਨ। ਸਤਿਗੁਰ ਤੁਸਾਨੂੰ ਏਹ ਸਾਰੀਆਂ ਰਹਿਮਤਾਂ ਅਰਪਣ ਕਰੇਗਾ। ਜ਼ਰਾ ਪਿਛੇ ਝਾਤ ਮਾਰ ਕੇ ਆਪਣਾ ਖਾਲਸਈ ਇਤਿਹਾਸ ਨਿਹਾਰੋ, ਜਦੋਂ ਸ੍ਰੀ ਗੁਰੂ ਦਸਮੇਸ਼ ਪਿਤਾ ਅਸਾਡੇ ਦੁਸ਼ਟ-ਦਮਨ ਪਾਤਸ਼ਾਹ ਨੇ ਸ੍ਰੀ ਨਦੇੜ, ਜੋ ਹੁਣ ਦੀ ਪ੍ਰਸਿਧ ਹਜ਼ੂਰ ਸਾਹਿਬ ਹੈ, ਬਾਬਾ ਬੰਦਾ ਸਿੰਘ ਜੀ ਨੂੰ ਕੇਵਲ ਪੰਝੀ ਸਿੰਘਾਂ ਦੀ ਅੜਦਲ ਵਿਚ, ਦੁਸ਼ਟਾਂ ਨੂੰ ਦਮਨ ਕਰਨ ਲਈ ਪੰਜਾਬੇ ਤੋਰਿਆ ਸੀ, ਓਦੋਂ ਉਨ੍ਹਾਂ ਪਾਸ ਕੇਹੜੀਆਂ ਤੋਪਾਂ ਤੇ ਮਸ਼ੀਨਾਂ ਸਨ? ਕੇਹੜੇ ਹਵਾਈ ਜਹਾਜ਼ ਸਨ? ਕੇਵਲ ਖਾਲਸਈ ਸਪਿਰਿਟ ਉਨ੍ਹਾਂ ਦੇ ਸੀਨੇ ਅੰਦਰ ਵਗ ਰਹੀ ਸੀ। ਇਸ ਦੇ ਸਾਹਮਣੇ ਲਖੂਖਹਾ ਦੁਸ਼ਟ ਤੁਰਕਾਂ ਦੀਆਂ ਫ਼ੌਜਾਂ ਛੈ ਤੇ ਖੈ ਹੋ ਗਈਆਂ। ਉਨ੍ਹਾਂ ਦੀਆਂ ਸਾਰੀਆਂ ਤੜੀਆਂ ਤੋਪਾਂ ਖਾਲਸਾ ਜੀ ਨੇ ਖੋਹ ਲਈਆਂ। ਨਤੀਜਾ ਕੀ ਹੋਇਆ ਕਿ ਤੁਰਕਾਂ ਦਾ ਛੇ ਸੌ ਸਦੀ ਦਾ ਜੰਮਿਆਂ ਥੰਮਿਆ ਹੋਇਆ ਰਾਜ ਉਖਾੜ ਕੇ ਫ਼ਨਾਹ ਛਲਾਹ ਕਰ ਦਿਤਾ। ਤੁਸੀਂ ਉਨ੍ਹਾਂ ਦੀ ਬੀਰਾਂ ਜੋਧਿਆਂ ਦੀ ਸੰਤਾਨ ਹੋ। ਓਹੋ ਖੂਨ ਤੁਸਾਡੀਆਂ ਰਗਾਂ ਵਿਚ ਲਹਿਰੇ ਮਾਰ ਰਿਹਾ ਹੈ। ਓਹੋ ਹੀ ਖੰਡੇ ਦਾ ਅੰਮ੍ਰਿਤ ਤੁਸੀਂ ਪਾਨ ਕੀਤਾ ਹੋਇਆ ਹੈ। ਕਸਰ ਹੈ ਤਾਂ ਹੰਭਲਾ ਮਾਰਨ ਦੀ ਹੈ। ਇਹ ਜੋ ਕੁਝ ਜ਼ੁਲਮ ਤੇ ਜਬਰ ਜਰਵਾਣਿਆਂ ਵਲੋਂ ਹੋਇਆ ਹੈ, ਸਾਡੀ ਸੁੱਤੀ ਕਲਾ ਨੂੰ ਹਰਾ ਲਈ ਹੀ ਹੋਇਆ ਹੈ। ਜੋ ਕੁਛ ਪਾਪ ਅਤਿਆਚਾਰ ਅਤਿਆਚਾਰੀਆਂ ਨੇ ਕੀਤੇ ਹਨ, ਏਹੀ ਇਨ੍ਹਾਂ ਦੀ ਜੜ੍ਹ ਪੁਟਣ ਲਈ ਅਤੇ ਪਾਪ-ਰਾਜ ਖ਼ਤਮ ਕਰ ਦੇ ਪੇਸ਼ਖੇਮੇ ਹਨ। ਤੁਸੀਂ ਧਰਮ ਵਿਥਾਰਨਾ ਹੈ, ਦੁਸ਼ਟ ਦੋਖੀਅਨ ਦਾ ਮੂਲ ਉਪਾਰਨਾ ਹੈ। ਜੈ ਬਿਜੈ ਸਾਡੀ ਹੈ। ਫਤਿਹ ਦਾ ਸੇਹਰਾ ਤੁਸਾਡੇ ਮਸਤਕ ਨੀਸ਼ਾਨ ਹੈ।

ਇਹ ਰੜੇ ਰਾਜ ਤਾਂ ਤੁਸਾਡੇ ਪਿਛੇ ਲਗੇ ਫਿਰਨਗੇ। ਰਾਜ ਤ੍ਰਿਸ਼ਨਾ ਦਾ ਤੁਸਾਨੂੰ ਫੁਰਨਾ ਹੀ ਨਹੀਂ ਫੁਰਨਾ ਚਾਹੀਦਾ। ਜਿਨ੍ਹਾਂ ਨੂੰ ਰਾਜ ਭਾਗ ਸਾਂਭਣ ਦੇ ਚਸਕੇ ਹਨ, ਉਹ ਭੀ ਤੁਸਾਡੀ ਕੌਮ ਵਿਚ ਬਥੇਰੇ ਹਨ। ਜਿਨਾਂ ਸਿੱਖ ਰਿਆਸਤਾਂ ਦੀਆਂ ਰਾਜ-ਗੱਦੀਆਂ ਮੁਢੋਂ ਚਲਦੀਆਂ ਆਂਵਦੀਆਂ ਹਨ, ਉਹਨਾਂ ਨੂੰ ਗੁਰੂ ਸਾਹਿਬਾਨ ਵਲੋਂ ਰਾਜ ਕਰਨ ਦੇ ਵਰ ਮਿਲੇ ਹੋਏ ਹਨ ਉਹ ਜੇ ਹੁਣ ਪੰਥ ਦੇ ਨਾਲ ਹੋਣਗੇ ਤਾਂ ਪੰਥ ਨੇ ਇੰਨਾਂ ਨੂੰ ਹੀ ਰਾਜ ਨਾਲ ਰਜਾ ਦੇਣਾ ਹੈ। ਨਹੀਂ ਤਾਂ ਇਨ੍ਹਾਂ ਦਾ ਪਿਛਲਾ ਰਾਜ ਵੀ ਖੁਸ ਜਾਏਗਾ। ਹੁਣ ਜੇ ਖਾਲਸਾ ਪੰਥ ਦੀ ਮਦਦ ਨਹੀਂ ਕਰਨਗੇ ਤਾਂ ਪਏ ਤਿਤਰ ਬਿਤਰ ਝਾਕਣਗੇ। ਅੰਜਾਮ ਇਹ ਹੋਵੇਗਾ “ਤਪੋਂ ਰਾਜ, ਰਾਜੋਂ ਨਰਕ।”

ਅੰਤ ਵਿਚ ਇੱਕ ਗੱਲ ਗਹਿ ਕਰਕੇ ਜ਼ਿਹਨ- ਨਸ਼ੀਨ ਕਰਨ ਲਈ ਖਾਲਸਾ ਜੀ ਅਗੇ ਤਾਗੀਦੀ ਬੇਨਤੀ ਹੈ ਕਿ ਜ਼ੁਲਮ ਦੇ ਰਾਜ ਨੂੰ ਨਸ਼ਟ ਕਰਨ ਦੇ ਹੀਲੇ ਉਪਰਾਲੇ ਪ੍ਰੀਸ਼ਰਮ ਕਰਦਿਆਂ ਕੋਈ ਐਸੀ ਹਰਕਤ ਨਾ ਹੋ ਜਾਵੇ ਜੋ ਧਰਮ-ਨਿਆਉਂ ਵਾਲੀ ਸੱਚੀ ਸੂਰਮਤਾ ਨੂੰ ਧੱਬਾ ਲਾਉਣ ਵਾਲੀ ਹੋਵੇ। ਜ਼ਾਲਮਾਂ ਦੀ ਜ਼ੁਲਮ-ਗਰਦੀ ਦੀ ਨਕਲ ਨਹੀਂ ਕਰਨੀ। ਅਤਿਆਚਾਰੀਆਂ ਦੇ ਕੀਤੇ ਅਤਿਆਚਾਰ ਦੀ ਰੀਸ ਘੜੀਸ ਵਿੱਚ ਪੈ ਕੇ ਅਸੀਂ ਉਹ ਫੇਅਲ ਨਹੀਂ ਕਰਨੇ, ਜਿਨ੍ਹਾਂ ਦੇ ਕਰਨ ਕਰਕੇ ਅਸੀਂ ਉਹਨਾਂ ਨੂੰ ਕੋਸਦੇ ਹਾਂ। ਅਬਲਾ ਇਸਤ੍ਰੀਆਂ ਅਤੇ ਬੱਚਿਆਂ ਤੇ ਅਸੀਂ ਹੱਥ ਨਹੀਂ ਉਠਾਉਣੇ। ਨਿਹੱਥਿਆਂ, ਗਰੀਬਾਂ, ਬੇਕਸੂਰਿਆਂ, ਮਾਸੂਮਾਂ ਦਾ ਕਤਲ ਕੋਈ ਬਹਾਦਰੀ ਨਹੀਂ। ਉੱਕਾ ਹੀ ਗੁਰਮਤਿ ਆਦਰਸ਼ ਦੇ ਉਲਟ ਹੈ। ਬੱਸ ਗੁਰਮਤਿ ਆਦਰਸ਼ ਜੋ ਹੈ, ਸੋ ਏਸੇ ਦੋਤੁਕੀ ਵਾਲੇ ਸ੍ਰੀ ਗੁਰੂ ਦਸਮੇਸ਼ ਮਹਾਂ ਵਾਕ ਵਿੱਚ ਪਰੀਪੂਰਨ ਹੈ :

ਦੁਸ਼ਟ ਜਿਤੇ ਉਠਵਤ ਉਤਪਾਤਾ॥ ਸਕਲ ਮਲੇਸ਼ ਕਰੋ ਰਣ ਘਾਤਾ॥

ਦੁਸ਼ਟਾਂ ਮਲੇਛਾਂ ਉਤਪਾਤੀਆਂ ਉਪਦਰੱਵੀਆਂ ਨੂੰ ਤਲਵਾਰ ਦੀ ਘਾਟ ਉਤਾਰਨਾ ਐਨ ਸਵਾਬ ਹੈ।

ਰਣਧੀਰ ਸਿੰਘ

ਪ੍ਰਧਾਨ, ਸ਼ਹੀਦੀ ਦੱਲ ਜ਼ਿਲਾ ਲੁਧਿਆਣਾ