ਗੁਰਬਾਣੀ ਅਨੁਸਾਰ ਬਸੰਤ ਰੁੱਤ ਅਤੇ ਬਸੰਤ ਰਾਗ ਆਰੰਭਤਾ

ਸ਼ੋਸ਼ਿਲ ਮੀਡੀਏ ਤੋਂ ਇੱਕ ਪਰਚਾ ਪੜ੍ਹਨ ਨੂੰ ਮਿਲਿਆ। ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਬਸੰਤ ਰਾਗ ਪੜ੍ਹਨ ਦੀ ਸ਼ੁਰੂਆਤ ਲੋਹੜੀ ਵਾਲੀ ਰਾਤ ਤੋਂ ਅਰਦਾਸ ਕਰਕੇ ਕਰਨਾ ਲਿਖਿਆ ਗਿਆ ਹੈ। ਅਰਦਾਸੀਆ ਸਿੰਘ ਜੀ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਥੇ ਬਸੰਤ ਰਾਗ ਪੜ੍ਹਨ ਦੀ ਅਰਦਾਸ ਕਰਦਾ ਹੈ, ਉਥੇ ਹੀ ਅਰਦਾਸ ਸਮੇਂ ਗੁਰਬਾਣੀ ਦੀ ਤੁਕ “ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥” ਪੜ ਕੇ ਬਸੰਤ ਰੁੱਤ ਚੜ੍ਹਨ ਦਾ ਆਗਾਜ਼ ਕਰਦੇ ਹਨ।

ਇਸ ਮਰਯਾਦਾ ਨੂੰ ਪੁਰਾਤਨ ਕਰਕੇ ਦੱਸਿਆ ਜਾ ਰਿਹਾ ਹੈ। ਇਹ ਗੱਲ ਕਿੰਨੀ ਕੂ ਸਹੀ ਹੈ ਪਾਠਕ ਜਨ ਇਸਦਾ ਨਿਰਣਾ ਖੁਦ ਕਰ ਸਕਦੇ ਹਨ। ਅਰਦਾਸੀਏ ਸਿੰਘ ਵਲੋਂ ਗੁਰਬਾਣੀ ਦੀ ਓਟ ਲੈ ਕੇ ਬਸੰਤ ਰਾਗ ਦੀ ਆਰੰਭਤਾ ਤਾਂ ਕੀਤੀ ਜਾ ਸਕਦੀ ਹੈ, ਪਰ ਬਸੰਤ ਰੁੱਤ ਚੜ੍ਹਾਣੀ ਬਿਲਕੁੱਲ ਹੀ ਗਲਤ ਹੈ।

ਗੁਰਬਾਣੀ ਵਿਚ ਇਹ ਜ਼ਿਕਰ ਹੈ ਕਿ ਬਸੰਤ ਰੁੱਤ ਆਉਂਦੀ ਹੈ।

ਰੁਤਿ ਆਈਲੇ ਸਰਸ ਬਸੰਤ ਮਾਹਿ ॥ (ਪੰਨਾ ੧੧੬੮)

ਪਰ ਬਸੰਤ ਰੁੱਤ ਕਦੋਂ ਆਉਂਦੀ ਹੈ ਇਸਦਾ ਵੀ ਸਪੱਸ਼ਟ ਜ਼ਿਕਰ ਹੈ ਕਿ:

ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥ (ਪੰਨਾ ੪੫੧)

ਗੁਰੂ ਸਾਹਿਬ ਜੀ ਨੇ ਤਾਂ ਚੇਤ ਦੇ ਮਹੀਨੇ ਬਸੰਤ ਰੁੱਤ ਦਾ ਚੜ੍ਹਨਾ ਲਿਖਿਆ ਹੈ। ਇਸਦੀ ਦੋਹਰ ਰੁੱਤੀ ਸਲੋਕ ਰਾਹੀਂ ਵੀ ਕਰ ਦਿੱਤੀ ਗਈ ਹੈ ਕਿ:

ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ (ਪੰਨਾ ੯੨੭)

ਛੇ ਰੁੱਤਾਂ ਵਾਲੇ ਮੌਸਮੀ ਸਾਲ ਵਿੱਚ ਪੰਜਾਬ ਖਿਤੇ ਵਿਚ ਚੇਤ ਅਤੇ ਵੇਸਾਖ ਦੇ ਮਹੀਨੇ ਬਸੰਤ ਰੁੱਤ ਆਉਂਦੀ ਹੈ। ਜੋ ਕਿ ਗੁਰੂ ਸਾਹਿਬ ਜੀ ਦੇ ਸਮੇਂ ਵੀ ਇਹਨਾ ਮਹੀਨਿਆਂ ਵਿੱਚ ਆਉਂਦੀ ਸੀ ਅਤੇ ਹੁਣ ਵੀ ਤਕਰੀਬਨ ਥੋੜੇ ਫਰਕ ਨਾਲ ਉਦੋਂ ਹੀ ਆਉਂਦੀ ਹੈ। ਬਸੰਤ ਰਾਗ ਹੇਠ ਦਰਜ਼ ਬਾਣੀ ਬਸੰਤ ਰੁੱਤ ਦੇ ਆਗਮਨ ਨਾਲ ਬਨਸਪਤੀ ਮਉਲਣ, ਫਲ-ਫੁੱਲ ਖਿੜਨ ਵਾਲਾ ਦਿਸ਼ਟਾਂਤ ਲੈ ਕੇ ਮਨ ਦੀ ਦਸ਼ਾ ਨਾਮ ਦੁਆਰਾ ਮਉਲਦੀ ਹੈ ਦੀ ਵਡਿਆਈ ਗਾਈ ਗਈ ਹੈ। ਹੁਣ ਰੋਚਕ ਗੱਲ ਤਾਂ ਇਹ ਹੈ ਕਿ ਅਕਾਲਪੁਰਖ ਦੀ ਰਜ਼ਾ ‘ਚ ਬਸੰਤ ਰੁੱਤ ਦਾ ਇਹ ਕੁਦਰਤੀ ਨਜ਼ਾਰਾ ਚੇਤ ਮਹੀਨੇ ਵਿਚ ਸ਼ੁਰੂ ਹੁੰਦਾ ਹੈ ਜਿਵੇਂ ਬਾਰਹਮਾਹ ਤੁਖਾਰੀ ਅੰਦਰ ਗੁਰਪ੍ਰਮਾਣ ਹੈ ਕਿ:

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ (ਪੰਨਾ ੧੧੦੭)

ਕਿੱਡੀ ਹੈਰਾਨਕੁਨ ਬਾਤ ਹੈ ਕਿ ਜਿਸ ਰਾਤ ਅਰਦਾਸੀਏ ਸਿੰਘ ਨੇ ਅਰਦਾਸ ਕਰਕੇ ਬਸੰਤ ਚੜ੍ਹਨ ਦਾ ਆਗਮਨ ਕੀਤਾ ਉਸਤੋਂ ਦੂਸਰੇ ਦਿਨ ਮਾਘ ਮਹੀਨੇ ਦੀ ਸੰਗਰਾਦ ਹੈ। ਦੱਸੋ ਭਲਾ ਦੋ ਮਹੀਨੇ ਪਹਿਲਾਂ ਹੀ ਬਸੰਤ ਰੁੱਤ ਕਿਵੇਂ ਚੜ੍ਹ ਆਈ? ਸਾਡੇ ਇਥੇ ਅਮਰੀਕਾ ਵਾਲੇ ਵੀ ੨੦, ੨੧ ਮਾਰਚ ਨੂੰ ਸਪਰਿੰਗ ਸੀਜ਼ਨ ਸ਼ੁਰੂ ਕਰਦੇ ਹਨ। ਪੰਜਾਬ ਵਿੱਚ ਸਪਰਿੰਗ (ਬਸੰਤ) ਚੇਤ ਮਹੀਨੇ ਭਾਵ ੧੪ ਮਾਰਚ ਤੋਂ ਸ਼ੁਰੂ ਹੁੰਦੀ ਹੈ। ਕਾਫੀ ਮਿਲਦਾ ਜੁਲਦਾ ਮੋਸਮ ਅਤੇ ਰੁਤ ਚੜ੍ਹਨ ਦਾ ਸਮਾਂ ਹੈ। ਪੰਜਾਬ ਵਿੱਚ ਸ਼ੀਤ ਲਹਿਰ ਦਾ ਮੋਸਮ ਹੈ ਨਾ ਕਿ ਬਸੰਤ ਰੁੱਤ ਆਈ ਹੈ।

ਮਰਯਾਦਾ ਮੁਤਾਬਿਕ ਬਸੰਤ ਰਾਗ ਗਾਇਣ ਦੀ ਸ਼ੁਰੂਆਤ ਹੋਲੇ ਮਹੱਲੇ ਤੇ ਹੁੰਦੀ ਰਹੀ ਹੈ। ਇਹ ਨਿਸ਼ਚਤ ਕਹਿਣਾ ਮੁਸ਼ਕਲ ਹੈ ਕਿ ਕਿਸਦੇ ਇਸ਼ਾਰੇ ਤੇ ਮਰਯਾਦਾ ਵਿੱਚ ਹੇਰ-ਫੇਰ ਕੀਤਾ ਜਾ ਰਿਹਾ ਹੈ। ਪਰ ਜਿਸ ਤਰੀਕੇ ਨਾਲ ਲੋਹੜੀ ਦੀ ਰਾਤ ਅਰਦਾਸ ਕਰਨ ਦਾ ਜ਼ਿਕਰ ਆਇਆ ਹੈ ਇਸਤੋਂ ਕੁੱਝ ਲੁਕਵਾਂ ਨਹੀਂ ਰਹਿ ਜਾਂਦਾ ਇਹ ਸਭ ਕੁੱਝ ਆਨਮਤ ਦੇ ਅਧੀਨ ਕੀਤਾ ਜਾ ਰਿਹਾ ਹੈ। ਲੋਹੜੀ ਦਾ ਸਿੱਖੀ ਨਾਲ ਤਾਂ ਕੋਹਾਂ ਤੱਕ ਦਾ ਵੀ ਕੋਈ ਮੇਲ ਨਹੀਂ। ਫਿਰ ਲੋਹੜੀ ਦੀ ਰਾਤ ਨੂੰ ਅਰਦਾਸ ਕਿਉਂ?

ਆਮ ਸਿੱਖਾਂ ਅੰਦਰ ਗੁਰਮਤਿ ਫਲਸਫੇ ਤੋਂ ਅਣਜਾਣਤਾ, ਗੁਰਬਾਣੀ ਪੜ੍ਹਨ, ਸੁਨਣ ਅਤੇ ਕਮਾਉਣ ਤੋਂ ਕਤਰਾਉਣਾ ਆਦਿ ਸਿੱਖਾਂ ਅੰਦਰ ਪੁਜਾਰੀਆਂ ਦਾ ਹੀ ਇੱਕ ਵਰਗ ਪੈਦਾ ਕਰਦਾ ਜਾ ਰਿਹਾ ਹੈ। ਗੁਰਬਾਣੀ ਕੁੱਝ ਹੋਰ ਕਹਿ ਰਹੀ ਹੈ ਪ੍ਰਬੰਧਕ ਉਸ ਤੋਂ ਉਲਟ ਕੁੱਝ ਹੋਰ ਹੀ ਕਰੀ ਜਾ ਰਹੇ ਹਨ।

ਗੁਰ ਪ੍ਰਮਾਣਾਂ ਦੀ ਰੋਸ਼ਨੀ ਅੰਦਰ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਪੁਰਾਤਨ ਮਰਯਾਦਾ ਚੇਤ ਤੋਂ ਬਸੰਤ ਰਾਗ ਆਰੰਭ ਕਰਨ ਦੀ ਹੈ ਨਾ ਕਿ ਨਵੀਨ ਕਾਢ ਮਾਘ ਮਹੀਨੇ ਤੋਂ।

ਆਉ, ਗੁਰਬਾਣੀ ਪ੍ਰਤੀ, ਆਪਣੇ ਗੁਰੂ ਪ੍ਰਤੀ ਸੁਚੇਤ ਹੋਈਏ। ਸਾਡੀਆਂ ਬਦਲੀਆਂ ਜਾ ਰਹੀਆ ਮਰਯਾਦਵਾਂ ਪ੍ਰਤੀ ਅਵਾਜ਼ ਬੁਲੰਦ ਕਰੀਏ। ਬ੍ਰਹਮ ਗਿਆਨੀ ਅਵਸਥਾ ਦੇ ਮਾਲਕ ਭਾਈ ਸਾਹਿਬ ਗੁਰਦਾਸ ਜੀ ਦੀ ਬਾਣੀ ਸਾਨੂੰ ਇਹੀ ਦ੍ਰਿੜ ਕਰਵਾਉਂਦੀ ਹੈ ਕਿ:

ਗੁਰਮੁਖਿ ਸਾਧੂ ਸੰਗੁ ਚਲਣੁ ਜਾਣਿਆ ।
ਚੇਤਿ ਬਸੰਤ ਸੁਰੰਗੁ ਸਭ ਰੰਗ ਮਾਣਿਆ ।
ਸਾਵਣ ਲਹਰਿ ਤਰੰਗ ਨੀਰੁ ਨੀਵਾਣਿਆ ।
ਸਜਣ ਮੇਲੁ ਸੁ ਢੰਗ ਚੋਜ ਵਿਡਾਣਿਆ ।
ਗੁਰਮੁਖਿ ਪੰਥੁ ਨਿਪੰਗੁ ਦਰਿ ਪਰਵਾਣਿਆ ।
ਗੁਰਮਤਿ ਮੇਲੁ ਅਭੰਗੁ ਸਤਿ ਸੁਹਾਣਿਆ ।੯। (ਵਾਰ ੧੯)

ਗੁਰੂ ਸਾਹਿਬ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ।

ਭੁੱਲ ਚੁੱਕ ਮੁਆਫ਼।

ਦਾਸਨਿ ਦਾਸ,
ਜਸਜੀਤ ਸਿੰਘ